ਅੰਮ੍ਰਿਤਸਰ : ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਰਾਗੜੀ ਦੇ ਨਾਮ ’ਤੇ ਕਈ ਸਾਈਬਰ ਠੱਗਾਂ ਵੱਲੋਂ ਆਪਣੇ ਅਕਾਊਂਟ ਬਣਾ ਕੇ ਸੰਗਤਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਾਈਬਰ ਠੱਗਾਂ ਵੱਲੋਂ QR ਕੋਡ ਵਰਤ ਕੇ ਆਨਲਾਈਨ ਪੈਸੇ ਮੰਗਵਾ ਕੇ ਬਾਅਦ ’ਚ ਫੋਨ ਬੰਦ ਕਰ ਲਿਆ ਜਾਂਦਾ ਹੈ ਅਤੇ ਕਈ ਠੱਗਾਂ ਵੱਲੋਂ ਤਾਂ ਸੰਗਤਾਂ ਦੇ ਖਾਤੇ ’ਚੋਂ ਪੈਸੇ ਉਡਾ ਲਏ ਗਏ ਹਨ।
ਇਸ ਮੌਕੇ ’ਤੇ ਸੰਗਤਾਂ ਵੱਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਗਈ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸਾਰਾ ਗੜੀ ਦੀ ਵੈਬਸਾਈਟ ਤੋਂ ਹਮੇਸ਼ਾ ਕਮਰਾ ਬੁੱਕ ਕਰਨਾ ਚਾਹੀਦਾ ਹੈ ਅਤੇ ਇਸ ਮੌਕੇ ਤੇ ਉਹਨਾਂ ਨੂੰ ਰਸੀਦ ਵੀ ਦਿੱਤੀ ਜਾਂਦੀ ਹੈ। ਪਰ ਕੁਝ ਠੱਗਾਂ ਵੱਲੋਂ ਸਾਰਾਗੜੀ ਦੇ ਨਾਮ ’ਤੇ ਸੰਗਤਾਂ ਨੂੰ ਲੁੱਟਿਆ ਜਾ ਰਿਹਾ ਹੈ।
ਇਸ ਮੌਕੇ ’ਤੇ ਉਹਨਾਂ ਵੱਲੋਂ ਲਿਖ਼ਤੀ ਸ਼ਿਕਾਇਤ ਡੀਸੀਪੀ ਅੰਮ੍ਰਿਤਸਰ ਨੂੰ ਦਿੱਤੀ ਗਈ ਅਤੇ ਇਹਨਾਂ ਠੱਗਾਂ ’ਤੇ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ’ਤੇ ਡੀਸੀਪੀ ਆਲਮ ਵਿਜੇ ਨੇ ਕਿਹਾ ਸਾਨੂੰ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਨੇ ਇੱਕ ਸ਼ਿਕਾਇਤ ਦਰਜ ਕਰਵਾਈ ਹੈ, ਕਿ ਕਿਸੇ ਅਨਜਾਣ ਵਿਅਕਤੀ ਵੱਲੋਂ ਇੱਕ ਵੈਬਸਾਈਟ ਤਿਆਰ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਸ ਵਿਅਕਤੀ ਵੱਲੋਂ ਇੱਕ QR ਕੋਡ ਬਣਾਇਆ ਗਿਆ ਹੈ। ਜਦੋਂ ਉਹ ਪੈਸੇ ਪਾਉਂਦੇ ਹਨ ਤੇ ਉਹ ਆਪਣੇ ਖਾਤੇ ’ਚ ਪੈਸੇ ਪਵਾ ਲੈਂਦਾ ਹੈ। ਸਾਨੂੰ ਸ਼ਿਕਾਇਤ ਆਈ ਹੈ ਅਸੀਂ ਇਸ ’ਤੇ ਜਾਂਚ ਕਰ ਦੋਸ਼ੀਆਂ ਨੂੰ ਜਲਦੀ ਕਾਬੂ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਠੱਗੀ ਕਰਨ ਵਾਲੇ ਕਈ ਲੋਕਾਂ ਨੂੰ ਪੁਲਿਸ ਨੇ ਫੜਿਆ ਹੈ। ਅਗਰ ਕੋਈ ਸ਼ੱਕੀ ਨਜ਼ਰ ਵੀ ਆਉਂਦਾ ਤਾਂ ਉਸ ’ਤੇ ਨਿਗਾ ਰੱਖੀ ਜਾਂਦੀ ਹੈ।