Shri Machiwara Sahib Accident : ਸ਼੍ਰੀ ਮਾਛੀਵਾੜਾ ਸਾਹਿਬ ਵਿਖੇ ਬੀਤੀ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਹਰਸ਼ਦੀਪ ਸਿੰਘ (24) ਵਾਸੀ ਸੈਂਸੋਵਾਲ ਕਲਾਂ ਅਤੇ ਗੁਰਵਿੰਦਰ ਸਿੰਘ (20) ਉਰਫ਼ ਰਵੀ ਵਾਸੀ ਰਹੀਮਾਬਾਦ ਖੁਰਦ ਦੀ ਮੌਤ ਹੋ ਗਈ ਜੋ ਕਿ ਆਪਸ ’ਚ ਦੋਸਤ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਮੋਟਰਸਾਈਕਲ ’ਤੇ ਸਵਾਰ ਹੋ ਕੇ ਸਮਰਾਲਾ ਵਲੋਂ ਮਾਛੀਵਾੜਾ ਵੱਲ ਨੂੰ ਆ ਰਹੇ ਸਨ ਕਿ ਨਿਰੰਕਾਰੀ ਭਵਨ ਨੇੜੇ ਉਨ੍ਹਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ।
ਜਾਣਕਾਰੀ ਅਨੁਸਾਰ ਅੱਖਾਂ ’ਚ ਲਾਈਟ ਪੈਣ ਕਾਰਨ ਹਾਦਸਾ ਵਾਪਰਿਆ ਜਿਸ ਕਾਰਨ ਇਹ ਦੋਵੇਂ ਸੜਕ ਦੇ ਕਿਨਾਰੇ ’ਤੇ ਲੱਗੇ ਦਰੱਖਤ ’ਚ ਜਾ ਵੱਜੇ ਅਤੇ ਡਿੱਗਣ ਨਾਲ ਗੰਭੀਰ ਜਖ਼ਮੀ ਹੋਣ ਕਾਰਨ ਉੱਥੇ ਹੀ ਮੌਤ ਹੋ ਗਈ। ਅੱਜ ਤੜਕੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਸੜਕ ਕਿਨਾਰੇ ਡਿੱਗਿਆ ਪਿਆ ਨੂੰ ਰਾਹਗੀਰਾਂ ਨੇ ਦੇਖਿਆ ਜਿਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਸਹਾਇਕ ਥਾਣੇਦਾਰ ਪਵਨਜੀਤ ਮੌਕੇ ’ਤੇ ਪਹੁੰਚੇ ਅਤੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋਵੇਂ ਨੌਜਵਾਨ ਹਰਸ਼ਦੀਪ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਪੁਲਿਸ ਵਲੋਂ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਕਰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਦਕਿ ਅਣਪਛਾਤੇ ਵਾਹਨ ਤੇ ਉਸਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਹਰਸ਼ਦੀਪ ਸਿੰਘ ਸਾਲ ਪਹਿਲਾ ਹੀ ਵਿਆਹਿਆ ਹੋਇਆ ਸੀ। ਜਦਕਿ ਗੁਰਵਿੰਦਰ ਸਿੰਘ ਅਜੇ ਕੁਆਰਾ ਸੀ ਅਤੇ ਮਾਪੇ ਉਸਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ। ਦੋਵੇਂ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਅਚਨਚੇਤ ਮੌਤ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੂੰ ਕਾਫ਼ੀ ਸਦਮਾ ਲੱਗਿਆ।
ਇਨ੍ਹਾਂ ਦੋਵਾਂ ਨੌਜਵਾਨਾਂ ਦੀ ਮੌਤ ਕਾਰਨ ਪਿੰਡ ਸੈਂਸੋਵਾਲ ਕਲਾਂ ਅਤੇ ਰਹੀਮਾਬਾਦ ਖੁਰਦ ’ਚ ਸੋਗ ਦੀ ਲਹਿਰ ਛਾਈ ਹੋਈ ਸੀ। ਪਰਿਵਾਰਾਂ ਵੱਲੋਂ ਤੀਸਰੇ ਵਿਅਕਤੀ ਦਾ ਵੀ ਨਾਲ ਹੋਣ ਦਾ ਖਦਸਾ ਜਾਹਿਰ ਕੀਤਾ ਜਾ ਰਿਹਾ ਹੈ।